Hukamnama Sri Darbar Sahib, Amritsar, Date 01 May 2019 Ang 568


Sachkhand Sri Harmandir Sahib Amritsar Vekhe Hoea Amrit Wele Da Mukhwak: 01-05-2019


ਵਡਹੰਸੁ ਮਹਲਾ ੩ ॥ ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ ॥ ਅਨਦਿਨੁ ਨਾਮੁ ਵਖਾਣੀਐ ਲਾਹਾ ਹਰਿ ਰਸੁ ਪੀਜੈ ਰਾਮ ॥ ਲਾਹਾ ਹਰਿ ਰਸੁ ਲੀਜੈ ਹਰਿ ਰਾਵੀਜੈ ਅਨਦਿਨੁ ਨਾਮੁ ਵਖਾਣੈ ॥ ਗੁਣ ਸੰਗ੍ਰਹਿ ਅਵਗਣ ਵਿਕਣਹਿ ਆਪੈ ਆਪੁ ਪਛਾਣੈ ॥ ਗੁਰਮਤਿ ਪਾਈ ਵਡੀ ਵਡਿਆਈ ਸਚੈ ਸਬਦਿ ਰਸੁ ਪੀਜੈ ॥ ਨਾਨਕ ਹਰਿ ਕੀ ਭਗਤਿ ਨਿਰਾਲੀ ਗੁਰਮੁਖਿ ਵਿਰਲੈ ਕੀਜੈ ॥੧॥ ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਰੀਰਿ ਜਮਾਏ ਰਾਮ ॥ ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ ਪਰਥਾਏ ਰਾਮ ॥ ਲਾਹਾ ਪਰਥਾਏ ਹਰਿ ਮੰਨਿ ਵਸਾਏ ਧਨੁ ਖੇਤੀ ਵਾਪਾਰਾ ॥ ਹਰਿ ਨਾਮੁ ਧਿਆਏ ਮੰਨਿ ਵਸਾਏ ਬੂਝੈ ਗੁਰ ਬੀਚਾਰਾ ॥ ਮਨਮੁਖ ਖੇਤੀ ਵਣਜੁ ਕਰਿ ਥਾਕੇ ਤ੍ਰਿਸਨਾ ਭੁਖ ਨ ਜਾਏ ॥ ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥੨॥ ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥ ਗੁਰਮਤੀ ਮਨੁ ਨਿਜ ਘਰਿ ਵਸਿਆ ਸਚੈ ਸਬਦਿ ਬੈਰਾਗੋ ਰਾਮ ॥ ਮੁਖਿ ਮਸਤਕਿ ਭਾਗੋ ਸਚਿ ਬੈਰਾਗੋ ਸਾਚਿ ਰਤੇ ਵੀਚਾਰੀ ॥ ਨਾਮ ਬਿਨਾ ਸਭੁ ਜਗੁ ਬਉਰਾਨਾ ਸਬਦੇ ਹਉਮੈ ਮਾਰੀ ॥ ਸਾਚੈ ਸਬਦਿ ਲਾਗਿ ਮਤਿ ਉਪਜੈ ਗੁਰਮੁਖਿ ਨਾਮੁ ਸੋਹਾਗੋ ॥ ਨਾਨਕ ਸਬਦਿ ਮਿਲੈ ਭਉ ਭੰਜਨੁ ਹਰਿ ਰਾਵੈ ਮਸਤਕਿ ਭਾਗੋ ॥੩॥ ਖੇਤੀ ਵਣਜੁ ਸਭੁ ਹੁਕਮੁ ਹੈ ਹੁਕਮੇ ਮੰਨਿ ਵਡਿਆਈ ਰਾਮ ॥ ਗੁਰਮਤੀ ਹੁਕਮੁ ਬੂਝੀਐ ਹੁਕਮੇ ਮੇਲਿ ਮਿਲਾਈ ਰਾਮ ॥ ਹੁਕਮਿ ਮਿਲਾਈ ਸਹਜਿ ਸਮਾਈ ਗੁਰ ਕਾ ਸਬਦੁ ਅਪਾਰਾ ॥ ਸਚੀ ਵਡਿਆਈ ਗੁਰ ਤੇ ਪਾਈ ਸਚੁ ਸਵਾਰਣਹਾਰਾ ॥ ਭਉ ਭੰਜਨੁ ਪਾਇਆ ਆਪੁ ਗਵਾਇਆ ਗੁਰਮੁਖਿ ਮੇਲਿ ਮਿਲਾਈ ॥ ਕਹੁ ਨਾਨਕ ਨਾਮੁ ਨਿਰੰਜਨੁ ਅਗਮੁ ਅਗੋਚਰੁ ਹੁਕਮੇ ਰਹਿਆ ਸਮਾਈ ॥੪॥੨॥

ਪਦਅਰਥ: ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਵਾਪਾਰੁ = ਨਾਮ ਦਾ ਵਣਜ। ਸਹਜੇ = ਆਤਮਕ ਅਡੋਲਤਾ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ। ਵਖਾਣੀਐ = ਉਚਾਰਨਾ ਚਾਹੀਦਾ ਹੈ। ਲਾਹਾ = ਲਾਭ। ਪੀਜੈ = ਪੀਣਾ ਚਾਹੀਦਾ ਹੈ। ਰਾਵੀਜੈ = ਹਿਰਦੇ ਵਿਚ ਵਸਾਣਾ ਚਾਹੀਦਾ ਹੈ। ਵਖਾਣੈ = ਉਚਾਰਦਾ ਹੈ। ਸੰਗ੍ਰਹਿ = ਇਕੱਠੇ ਕਰ ਕੇ। ਆਪੈ ਆਪੁ = ਆਪਣੇ ਆਪ ਨੂੰ। ਵਿਕਣਹਿ = ਵਿਕ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਨਿਰਾਲੀ = ਅਨੋਖੀ।੧। ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਅੰਤਰਿ = (ਮਨ ਦੇ) ਅੰਦਰ। ਸਰੀਰਿ = ਸਰੀਰ ਵਿਚ, ਹਿਰਦੇ ਵਿਚ। ਲੀਜੈ ਜਮਾਏ = ਜਮਾਇ ਲੀਜੈ, ਉਗਾ ਲੈਣੀ ਚਾਹੀਦੀ ਹੈ। ਘਰ = ਹਿਰਦਾ। ਭੁੰਚੁ = ਖਾਹ। ਲਾਹਾ = ਲਾਭ। ਪਰਥਾਏ = ਪਰਲੋਕ ਦਾ। ਮੰਨਿ = ਮਨਿ, ਮਨ ਵਿਚ। ਧਨੁ = ਧੰਨੁ, ਸਲਾਹੁਣ = ਜੋਗ। ਬੂਝੈ = (ਆਤਮਕ ਜੀਵਨ ਨੂੰ) ਸਮਝ ਲੈਂਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਨ ਜਾਏ = ਦੂਰ ਨਹੀਂ ਹੁੰਦੀ। ਸੁਭਾਏ = ਸੁਭਾਇ, ਪ੍ਰੇਮ ਨਾਲ। ਸਬਦਿ = ਸ਼ਬਦ ਵਿਚ (ਜੁੜ ਕੇ) ।੨। ਵਾਪਾਰਿ = ਵਪਾਰ ਵਿਚ। ਮਸਤਕਿ = ਮੱਥੇ ਉੱਤੇ। ਨਿਜ ਘਰਿ = ਪ੍ਰਭੂ ਦੀ ਹਜ਼ੂਰੀ ਵਿਚ। ਬੈਰਾਗੋ = ਲਗਨ। ਸਚਿ = ਸਦਾ-ਥਿਰ ਪ੍ਰਭੂ ਵਿਚ। ਵੀਚਾਰੀ = ਵਿਚਾਰਵਾਨ। ਬਉਰਾਨਾ = ਝੱਲਾ, ਕਮਲਾ। ਸਬਦੇ = ਸਬਦ ਦੀ ਰਾਹੀਂ ਹੀ। ਸਹਾਗੋ = {ਅਸਲ ਲਫ਼ਜ਼ ‘ਸੋਹਾਗੋ’ ਹੈ, ਇਥੇ ‘ਸੁਹਾਗੋ’ ਪੜ੍ਹਨਾ ਹੈ। ਅੱਖਰ ‘ਸ’ ਦੇ ਨਾਲ ਦੋ ਲਗਾਂ = ੋ , ੁ }। ਭਉ ਭੰਜਨੁ = ਡਰ ਨਾਸ ਕਰਨ ਵਾਲਾ।੩। ਹੁਕਮੇ = ਹੁਕਮਿ ਹੀ, ਹੁਕਮ ਵਿਚ ਹੀ (ਰਹਿ ਕੇ) । ਮੰਨਿ = ਮਨਿ, ਮਨ ਵਿਚ, (ਹੁਕਮ ਨੂੰ) ਮਨ ਵਿਚ (ਵਸਾ ਕੇ) । ਮੇਲਿ = ਮੇਲ ਵਿਚ, ਪ੍ਰਭੂ = ਚਰਨਾਂ ਵਿਚ। ਹੁਕਮਿ = ਹੁਕਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਚੀ = ਸਦਾ-ਥਿਰ ਰਹਿਣ ਵਾਲੀ। ਤੇ = ਤੋਂ। ਸਚੁ = ਸਦਾ-ਥਿਰ ਰਹਿਣ ਵਾਲਾ। ਆਪੁ = ਆਪਾ = ਭਾਵ। ਕਹੁ = ਆਖ, ਉਚਾਰ।੪।
 
ਅਰਥ: ਹੇ ਭਾਈ! ਜੇ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ (ਹਰਿ-ਨਾਮ ਦਾ) ਵਪਾਰ ਕੀਤਾ ਜਾਏ, ਤਾਂ ਇਹ ਸਾਰਾ ਵਪਾਰ ਮਨੁੱਖ ਲਈ ਭਲਾ ਹੁੰਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਹਰ ਵੇਲੇ ਉਚਾਰਨਾ ਚਾਹੀਦਾ ਹੈ, ਪ੍ਰਭੂ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ-ਇਹੀ ਹੈ ਮਨੁੱਖਾ ਜਨਮ ਦੀ ਖੱਟੀ। ਹਰਿ-ਨਾਮ ਦਾ ਸੁਆਦ ਲੈਣਾ ਚਾਹੀਦਾ ਹੈ, ਹਰਿ-ਨਾਮ ਹਿਰਦੇ ਵਿਚ ਵਸਾਣਾ ਚਾਹੀਦਾ ਹੈ-ਇਹੀ ਮਨੁੱਖਾ ਜਨਮ ਦਾ ਲਾਭ ਹੈ। ਜੇਹੜਾ ਮਨੁੱਖ ਹਰ ਵੇਲੇ ਪ੍ਰਭੂ ਦਾ ਨਾਮ ਉਚਾਰਦਾ ਹੈ, ਉਹ (ਆਪਣੇ ਅੰਦਰ ਆਤਮਕ) ਗੁਣ ਇਕੱਠੇ ਕਰ ਕੇ ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ, (ਇਸ ਤਰ੍ਹਾਂ ਉਸ ਦੇ ਸਾਰੇ) ਔਗੁਣ ਦੂਰ ਹੋ ਜਾਂਦੇ ਹਨ। ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਹਾਸਲ ਕਰ ਲਈ, ਉਸ ਨੂੰ ਬੜੀ ਇੱਜ਼ਤ ਪ੍ਰਾਪਤ ਹੋਈ। ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਹਰਿ-ਨਾਮ-ਰਸ ਪੀਣਾ ਚਾਹੀਦਾ ਹੈ। ਹੇ ਨਾਨਕ! ਪਰਮਾਤਮਾ ਦੀ ਭਗਤੀ ਇਕ ਅਸਚਰਜ ਦਾਤਿ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਭਗਤੀ ਕੀਤੀ ਹੈ।੧। ਹੇ ਭਾਈ! ਗੁਰੂ ਦੇ ਸਨਮੁਖ ਰਹਿ ਕੇ ਹਰਿ-ਨਾਮ ਦੀ ਖੇਤੀ ਆਪਣੇ ਮਨ ਵਿਚ ਬੀਜਣੀ ਚਾਹੀਦੀ ਹੈ, ਹਰਿ-ਨਾਮ ਬੀਜ ਆਪਣੇ ਹਿਰਦੇ ਵਿਚ ਉਗਾਣਾ ਚਾਹੀਦਾ ਹੈ। ਹੇ ਭਾਈ! ਤੂੰ ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਚੱਖਿਆ ਕਰ, ਤੇ, ਇਸ ਤਰ੍ਹਾਂ ਪਰਲੋਕ ਦਾ ਲਾਭ ਖੱਟ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ਉਹ ਪਰਲੋਕ ਦਾ ਲਾਭ ਖੱਟ ਲੈਂਦਾ ਹੈ, ਉਸ ਦੀ ਨਾਮ-ਖੇਤੀ ਉਸ ਦਾ ਨਾਮ-ਵਪਾਰ ਸਲਾਹੁਣ-ਜੋਗ ਹੈ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਜੇਹੜਾ ਹਰਿ-ਨਾਮ ਆਪਣੇ ਮਨ ਵਿਚ ਵਸਾਂਦਾ ਹੈ ਉਹ ਗੁਰ-ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ (ਆਤਮਕ ਜੀਵਨ ਨੂੰ) ਸਮਝ ਲੈਂਦਾ ਹੈ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਿਰੀ ਸੰਸਾਰਕ ਖੇਤੀ ਨਿਰਾ ਸੰਸਾਰਕ ਵਣਜ ਕਰ ਕੇ ਥੱਕ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਤ੍ਰੇਹ ਨਹੀਂ ਮਿਟਦੀ, ਮਾਇਆ ਦੀ ਭੁੱਖ ਨਹੀਂ ਦੂਰ ਹੁੰਦੀ। ਹੇ ਨਾਨਕ! (ਆਖ-ਹੇ ਭਾਈ!) ਤੂੰ ਪ੍ਰੇਮ ਨਾਲ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ-ਬੀਜ ਬੀਜਿਆ ਕਰ।੨। ਹੇ ਭਾਈ! ਹਰਿ-ਨਾਮ ਸਿਮਰਨ ਦੇ ਵਪਾਰ ਵਿਚ ਉਹ ਮਨੁੱਖ ਹੀ ਲੱਗਦੇ ਹਨ ਜਿਨ੍ਹਾਂ ਦੇ ਮੱਥੇ ਉੱਤੇ ਵੱਡੀ ਕਿਸਮਤਿ ਦੀ ਮਣੀ ਚਮਕ ਪੈਂਦੀ ਹੈ। ਗੁਰੂ ਦੀ ਮਤਿ ਦੀ ਬਰਕਤਿ ਨਾਲ ਉਹਨਾਂ ਦਾ ਮਨ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ। ਜਿਨ੍ਹਾਂ ਮਨੁੱਖਾਂ ਦੇ ਮੂੰਹ ਉਤੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦੀ ਲਗਨ ਲੱਗ ਜਾਂਦੀ ਹੈ, ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀਜ ਕੇ ਉਹ ਵਿਚਾਰਵਾਨ ਬਣ ਜਾਂਦੇ ਹਨ। ਪਰ, ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਹਉਮੈ ਵਿਚ) ਝੱਲਾ ਹੋਇਆ ਫਿਰਦਾ ਹੈ (ਇਹ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਦੂਰ ਕੀਤੀ ਜਾ ਸਕਦੀ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜ ਕੇ (ਮਨੁੱਖ ਦੇ ਅੰਦਰ ਉੱਚੀ) ਮਤਿ ਪੈਦਾ ਹੁੰਦੀ ਹੈ, ਗੁਰੂ ਦੀ ਸਰਨ ਪਿਆਂ ਹਰਿ-ਨਾਮ-ਸੁਹਾਗ ਮਿਲ ਜਾਂਦਾ ਹੈ। ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਸ ਨੂੰ ਗੁਰ-ਸ਼ਬਦ ਦੀ ਰਾਹੀਂ ਡਰ ਨਾਸ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ, ਉਹ ਮਨੁੱਖ ਸਦਾ ਹਰਿ-ਨਾਮ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ।੩। ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਨੂੰ ਆਪਣੀ ਖੇਤੀ ਬਣਾਇਆ ਹੈ ਆਪਣਾ ਵਣਜ ਬਣਾਇਆ ਹੈ, ਉਹ ਪ੍ਰਭੂ-ਰਜ਼ਾ ਵਿਚ ਰਹਿ ਕੇ ਰਜ਼ਾ ਨੂੰ ਮਨ ਵਿਚ ਵਸਾ ਕੇ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ। ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ, ਰਜ਼ਾ ਵਿਚ ਤੁਰਿਆਂ ਹੀ ਪ੍ਰਭੂ-ਚਰਨਾਂ ਵਿਚ ਮਿਲਾਪ ਹੁੰਦਾ ਹੈ। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਭੂ ਦੀ ਰਜ਼ਾ ਵਿਚ ਜੋੜਦਾ ਹੈ ਆਤਮਕ ਅਡੋਲਤਾ ਵਿਚ ਲੀਨ ਕਰਦਾ ਹੈ ਉਹ ਅਪਾਰ ਪ੍ਰਭੂ ਨੂੰ ਮਿਲ ਪੈਂਦਾ ਹੈ। ਉਹ ਮਨੁੱਖ ਗੁਰੂ ਦੀ ਰਾਹੀਂ ਸਦਾ ਟਿਕੀ ਰਹਿਣ ਵਾਲੀ ਇੱਜ਼ਤ ਪ੍ਰਾਪਤ ਕਰ ਲੈਂਦਾ ਹੈ, ਗੁਰੂ ਦੀ ਰਾਹੀਂ ਸਦਾ-ਥਿਰ ਪ੍ਰਭੂ ਨੂੰ ਜੀਵਨ ਸੋਹਣਾ ਬਣਾਣ ਵਾਲੇ ਪ੍ਰਭੂ ਨੂੰ ਮਿਲ ਪੈਂਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਾ-ਭਾਵ ਦੂਰ ਕਰਦਾ ਹੈ ਉਹ ਹਰੇਕ ਡਰ ਨਾਸ ਕਰਨ ਵਾਲੇ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਂਦਾ ਹੈ। ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਸਿਮਰ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਜੋ ਅਪਹੁੰਚ ਹੈ (ਇਨਸਾਨੀ ਸਿਆਣਪ ਦੀ ਪਹੁੰਚ ਤੋਂ ਪਰੇ ਹੈ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਤੇ ਜੋ ਆਪਣੀ ਰਜ਼ਾ ਅਨੁਸਾਰ ਹਰ ਥਾਂ ਵਿਆਪਕ ਹੈ।੪।੨।
 
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
 
ਗੁਰੂ ਰੂਪ ਸੰਗਤ ਜੀਓ !! Hukamnama Sahib Mobile Application📲 ਡਾਊਨਲੋਡ 📥 ਕਰਨ ਲਈ ਹੇਠਾਂ 👇 ਦਿੱਤੇ ਲਿੰਕ ਉਪਰ ਕਲਿੱਕ ਕਰੋ ਜੀ!
Written by jugrajsidhu in 1 May 2019
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.