Sandhia Vele Da Hukamnama Siri Darbar Sahib, Amritsar, Date 27 January – 2018 Ang 628
ਸੋਰਠਿ ਮਹਲਾ ੫ ॥ ਗਰੀਬੀ ਗਦਾ ਹਮਾਰੀ ॥ ਖੰਨਾ ਸਗਲ ਰੇਨੁ ਛਾਰੀ ॥ ਇਸੁ ਆਗੈ ਕੋ ਨ ਟਿਕੈ ਵੇਕਾਰੀ ॥ ਗੁਰ ਪੂਰੇ ਏਹ ਗਲ ਸਾਰੀ ॥੧॥ ਹਰਿ ਹਰਿ ਨਾਮੁ ਸੰਤਨ ਕੀ ਓਟਾ ॥ ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥ ਸੰਤ ਸੰਗਿ ਜਸੁ ਗਾਇਆ ॥ ਇਹੁ ਪੂਰਨ ਹਰਿ ਧਨੁ ਪਾਇਆ ॥ ਕਹੁ ਨਾਨਕ ਆਪੁ ਮਿਟਾਇਆ ॥ ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥ {ਪੰਨਾ 628}
ਪਦਅਰਥ: ਗਰੀਬੀ = ਨਿਮ੍ਰਤਾ = ਸੁਭਾਉ। ਗਦਾ = ਗੁਰਜ। ਖੰਨਾ = ਖੰਡਾ। ਰੇਨੁ = ਚਰਨ = ਧੂੜ। ਛਾਰੀ = ਛਾਰ, ਮਿੱਟੀ। ਨ ਟਿਕੈ = ਖਲੋ ਨਹੀਂ ਸਕਦਾ, ਠਹਿਰ ਨਹੀਂ ਸਕਦਾ। ਵੇਕਾਰੀ = ਕੁਕਰਮੀ। ਸਾਰੀ = ਸਮਝਾਈ।੧।
ਓਟਾ = ਆਸਰਾ। ਤਿਸ ਕੀ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕੀ’ ਦੇ ਕਾਰਨ ਉੱਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ। ਉਧਰਹਿ= (ਵਿਕਾਰਾਂ ਤੋਂ) ਬਚ ਜਾਂਦੇ ਹਨ। ਕੋਟਾ = ਕ੍ਰੋੜਾਂ ਹੀ।੧।ਰਹਾਉ।
ਸੰਗਿ = ਸੰਗਤਿ ਵਿਚ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਆਪੁ = ਆਪਾ = ਭਾਵ। ਸਭੁ = ਹਰ ਥਾਂ। ਨਦਰੀ ਆਇਆ = ਦਿੱਸਿਆ।੨।
ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸੰਤ ਜਨਾਂ ਦਾ ਆਸਰਾ ਹੈ। ਜੇਹੜਾ ਭੀ ਮਨੁੱਖ (ਪਰਮਾਤਮਾ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। (ਨਾਮ ਦੀ ਬਰਕਤਿ ਨਾਲ) ਸਾਰੇ ਕ੍ਰੋੜਾਂ ਹੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ।੧।ਰਹਾਉ।
ਹੇ ਭਾਈ! ਨਿਮ੍ਰਤਾ-ਸੁਭਾਉ ਸਾਡੇ ਪਾਸ ਗੁਰਜ ਹੈ, ਸਭ ਦੀ ਚਰਨ-ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ। ਇਸ (ਗੁਰਜ) ਅੱਗੇ, ਇਸ (ਖੰਡੇ) ਅੱਗੇ ਕੋਈ ਭੀ ਕੁਕਰਮੀ ਟਿਕ ਨਹੀਂ ਸਕਦਾ। (ਸਾਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ।੧।
ਹੇ ਨਾਨਕ! ਆਖ-ਜਿਸ ਮਨੁੱਖ ਨੇ ਸੰਤ ਜਨਾਂ ਦੀ ਸੰਗਤਿ ਵਿਚ (ਬੈਠ ਕੇ)ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਹੈ, ਉਸ ਨੇ ਇਹ ਹਰਿ-ਨਾਮ ਧਨ ਪ੍ਰਾਪਤ ਕਰ ਲਿਆ ਹੈ ਜੋ ਕਦੇ ਭੀ ਨਹੀਂ ਮੁੱਕਦਾ। ਉਸ ਮਨੁੱਖ ਨੇ (ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ ਉਸ ਨੂੰ ਹਰ ਥਾਂ ਪਰਮਾਤਮਾ ਹੀ (ਵੱਸਦਾ) ਦਿੱਸ ਪਿਆ ਹੈ।੨।੧੬।੮੦।