*Faggun* Sangrand Hukamnama *12 February 2018* (ANG 135-136)
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥ ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥ ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥ ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥ ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥ ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥ ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥ ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥ {ਪੰਨਾ 136}
ਪਦ ਅਰਥ: ਫਲਗੁਣਿ = ਫੱਗਣ (ਮਹੀਨੇ) ਵਿਚ। ਉਪਾਰਜਨਾ = ਉਪਜ, ਪ੍ਰਕਾਸ਼। ਰਾਮ ਕੇ ਸਹਾਈ = ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ। ਸੇਜ = ਹਿਰਦਾ। ਜਾਇ = ਥਾਂ। ਵਰੁ = ਖਸਮ-ਪ੍ਰਭੂ। ਗਾਵਹੀ = ਗਾਵਹਿ, ਗਾਂਦੀਆਂ ਹਨ। ਮੰਗਲੁ = ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਪੈਦਾ ਕਰਨ ਵਾਲਾ ਗੀਤ, ਸਿਫ਼ਤਿ-ਸਾਲਾਹ ਦੀ ਬਾਣੀ। ਅਲਾਇ-ਉਚਾਰ ਕੇ, ਅਲਾਪ ਕੇ। ਦਿਸਦੀ = ਦਿੱਸਦਾ। ਲਵੈ = ਨੇੜੇ। ਲਵੈ ਲਾਉਣੇ = ਨੇੜੇ ਤੇੜੇ, ਇਰਦ-ਗਿਰਦ। ਲਵੈ ਨ ਲਾਇ = ਲਵੈ ਲਾਉਣੇ ਨਹੀਂ, ਨੇੜੇ ਤੇੜੇ ਦਾ ਨਹੀਂ, ਬਰਾਬਰੀ ਕਰਨ ਜੋਗਾ ਨਹੀਂ। ਹਲਤੁ = {A>} ਇਹ ਲੋਕ। ਪਲਤੁ = {pr>} ਪਰ ਲੋਕ। ਸਵਾਰਿਓਨੁ = ਉਸ (ਪ੍ਰਭੂ) ਨੇ ਸਵਾਰ ਦਿੱਤਾ। ਦਿਤੀਅਨੁ = ਉਸ (ਪ੍ਰਭੂ) ਨੇ ਦਿੱਤੀ। ਜਾਇ = ਥਾਂ। ਤੇ = ਤੋਂ। ਰਖਿਅਨੁ = ਉਸ (ਹਰੀ) ਨੇ ਰੱਖ ਲਏ। ਧਾਇ = ਧਾਈ, ਭਟਕਣਾ। ਪਾਇ = ਪੈ ਕੇ। ਤਿਲੁ = ਰਤਾ ਭੀ। ਤਮਾਇ = ਤਮ੍ਹਾ, ਲਾਲਚ।
ਅਰਥ: (ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ ਮਹੀਨੇ ਵਿਚ ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ) ਫੱਗਣ ਵਿਚ (ਉਹਨਾਂ ਜੀਵ-ਇਸਤ੍ਰੀਆਂ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਸੱਜਣ-ਹਰੀ ਪਰਤੱਖ ਆ ਵੱਸਦਾ ਹੈ, ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰ ਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਹਨ, ਉਹਨਾਂ ਦੀ ਹਿਰਦਾ-ਸੇਜ ਸੁੰਦਰ ਬਣ ਜਾਂਦੀ ਹੈ, ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ, ਫਿਰ ਦੁੱਖਾਂ ਲਈ (ਉਹਨਾਂ ਦੇ ਹਿਰਦੇ ਵਿਚ) ਕਿਤੇ ਰਤਾ ਥਾਂ ਨਹੀਂ ਰਹਿ ਜਾਂਦੀ। ਉਹਨਾਂ ਵਡ-ਭਾਗਣ ਜੀਵ-ਇਸਤ੍ਰੀਆਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ, ਉਹਨਾਂ ਨੂੰ ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ, ਉਹ ਸਤ-ਸੰਗੀ ਸਹੇਲੀਆਂ ਨਾਲ ਰਲ ਕੇ ਗੋਵਿੰਦ ਦੀ ਸਿਫ਼ਤਿ-ਸਾਲਾਹ ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਂਦੀਆਂ ਹਨ। ਪਰਮਾਤਮਾ ਵਰਗਾ ਕੋਈ ਹੋਰ, ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿੱਸਦਾ ਹੀ ਨਹੀਂ।
ਉਸ ਪਰਮਾਤਮਾ ਨੇ (ਉਹਨਾਂ ਸਤ-ਸੰਗੀਆਂ ਦਾ) ਲੋਕ ਪਰਲੋਕ ਸਵਾਰ ਦਿੱਤਾ ਹੈ, ਉਹਨਾਂ ਨੂੰ (ਆਪਣੇ ਚਰਨਾਂ ਵਿਚ ਲਿਵ-ਲੀਨਤਾ ਵਾਲੀ) ਐਸੀ ਥਾਂ ਬਖ਼ਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ। ਪ੍ਰਭੂ ਨੇ ਸੰਸਾਰ-ਸਮੁੰਦਰ ਤੋਂ ਉਹਨਾਂ ਨੂੰ (ਹੱਥ ਦੇ ਕੇ) ਰੱਖ ਲਿਆ ਹੈ, ਜਨਮਾਂ ਦੇ ਗੇੜ ਵਿਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ।
ਹੇ ਨਾਨਕ! (ਆਖ–) ਸਾਡੀ ਇਕ ਜੀਭ ਹੈ, ਪ੍ਰਭੂ ਦੇ ਅਨੇਕਾਂ ਹੀ ਗੁਣ ਹਨ (ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ, ਪਰ) ਜੇਹੜੇ ਜੀਵ ਉਸ ਦੀ ਚਰਨੀਂ ਪੈਂਦੇ ਹਨ (ਉਸ ਦਾ ਆਸਰਾ ਤੱਕਦੇ ਹਨ) ਉਹ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।
ਫੱਗਣ ਦੇ ਮਹੀਨੇ ਵਿਚ (ਹੋਲੀਆਂ ਆਦਿਕ ਵਿਚੋਂ ਅਨੰਦ ਲੱਭਣ ਦੇ ਥਾਂ) ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਨੂੰ (ਆਪਣੀ ਵਡਿਆਈ ਕਰਾਣ ਦਾ) ਰਤਾ ਭਰ ਭੀ ਲਾਲਚ ਨਹੀਂ ਹੈ (ਇਸ ਵਿਚ ਸਾਡਾ ਹੀ ਭਲਾ ਹੈ) ।13।
ਗੁਰੂ ਪਿਆਰੀ ਸਾਧ ਸੰਗਤ ਜੀਓ!! ਗੁਰੂ ਸਹਿਬ ਕਿ੍ਪਾ ਕਰਨ ਫੱਗਣ ਦਾ ਇਹ ਮਹੀਨਾਂ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ। ਵਹਿਗੁਰੂ ਜੀ ਸਰਬੱਤ ਸੰਗਤ ਨੂੰ ਤੰਦਰੁਸਤੀ, ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ।
www.hukamnamasahib.com
👏🏻ਬੇਨਤੀ:- ਵੱਧ ਤੋਂ ਵੱਧ ਸ਼ੇਅਰ ਕਰਕੇ ਸੇਵਾ ਵਿੱਚ ਹਿੱਸਾ ਪਾਓ ਜੀ।