Sachkhand Sri Harmandir Sahib Sri Amritsar Sahib Ji Vekha Hoea Ajh Sandhya Wela Da Mukhwak: 17-March-2018
ਸੋਰਠਿ ਮਹਲਾ ੯ ॥ ਪ੍ਰਾਨੀ ਕਉਨੁ ਉਪਾਉ ਕਰੈ ॥ ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥੧॥ ਰਹਾਉ ॥ ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ ॥ ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ ॥੧॥ ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ ॥ ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ ॥੨॥ ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥ ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ ॥੩॥੫॥ {ਪੰਨਾ 632}
ਪਦਅਰਥ: ਕਉਨੁ ਉਪਾਉ = ਕੇਹੜਾ ਹੀਲਾ? ਜਾ ਤੇ = ਜਿਸ ਨਾਲ, ਜਿਸ ਦੀ ਰਾਹੀਂ। ਕੋ = ਦਾ। ਤ੍ਰਾਸੁ = ਡਰ। ਹਰੈ = ਦੂਰ ਕਰ ਲਏ।੧। ਕਉਨੁ ਕਰਮ = ਕੇਹੜਾ ਕਰਮ? ਕਹੁ = ਦੱਸੋ। ਕਰਈ = ਕਰੇ। ਕਉਨੁ ਨਾਮ ਗੁਰ = ਗੁਰੂ ਦਾ ਕੇਹੜਾ ਨਾਮ? ਜਾ ਕੈ ਸਿਮਰੈ = ਜਿਸ ਦੇ ਸਿਮਰਨ ਨਾਲ। ਕਉ = ਨੂੰ। ਤਰਈ = ਪਾਰ ਲੰਘ ਜਾਏ।੧। ਕਲ ਮਹ = ਕਲਜੁਗ ਵਿਚ, ਜਗਤ ਵਿਚ। ਕਿਰਪਾ ਨਿਧਿ ਨਾਮੁ = ਕਿਰਪਾ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ। ਜਾਹਿ = ਜਿਸ ਨੂੰ। ਗਤਿ = ਉੱਚੀ ਆਤਮਕ ਅਵਸਥਾ। ਸਮ = ਬਰਾਬਰ। ਨਾਹਨਿ = ਨਹੀਂ। ਬਿਧਿ = ਜੁਗਤਿ।੨।
ਸੁਖ ਦੁਖੁ ਰਹਤ = ਸੁਖਾਂ ਦੁੱਖਾਂ ਤੋਂ ਵੱਖਰਾ। ਜਾ ਕਉ = ਜਿਸ ਨੂੰ। ਗੁਸਾਈ = ਧਰਤੀ ਦਾ ਖਸਮ। ਨਿਰੰਤਰਿ = ਇਕ-ਰਸ, ਬਿਨਾ ਵਿੱਥ ਦੇ। ਦਰਪਨ ਨਿਆਈ = ਸ਼ੀਸ਼ੇ ਵਾਂਗ।੩।
ਅਰਥ: (ਹੇ ਭਾਈ! ਦੱਸ,) ਮਨੁੱਖ ਉਹ ਕੇਹੜਾ ਹੀਲਾ ਕਰੇ ਜਿਸ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਕਰ ਸਕੇ; ਅਤੇ ਜਮ ਦਾ ਡਰ ਦੂਰ ਕਰ ਸਕੇ।੧।ਰਹਾਉ। (ਹੇ ਭਾਈ!) ਦੱਸ, ਉਹ ਕੇਹੜੇ (ਧਾਰਮਿਕ) ਕਰਮ ਹਨ, ਉਹ ਕਿਹੋ ਜਿਹੀ ਵਿੱਦਿਆ ਹੈ, ਉਹ ਕੇਹੜਾ ਧਰਮ ਹੈ (ਜੇਹੜਾ ਮਨੁੱਖ) ਕਰੇ; ਉਹ ਕੇਹੜਾ ਗੁਰੂ ਦਾ (ਦੱਸਿਆ) ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ।੧। (ਹੇ ਭਾਈ!) ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਹੀ ਜਗਤ ਵਿਚ ਹੈ ਜਿਸ ਨੂੰ (ਜੇਹੜਾ ਮਨੁੱਖ) ਜਪਦਾ ਹੈ (ਉਹ) ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਹੋਰ ਕਿਸੇ ਤਰ੍ਹਾਂ ਦੇ ਭੀ ਕੋਈ ਕਰਮ ਉਸ (ਨਾਮ) ਦੇ ਬਰਾਬਰ ਨਹੀਂ ਹਨ-ਬੇਦ (ਭੀ) ਇਹ ਜੁਗਤਿ ਦੱਸਦਾ ਹੈ।੨। ਹੇ ਨਾਨਕ! ਆਖ-ਹੇ ਭਾਈ!) ਜਿਸ ਨੂੰ (ਜਗਤ) ਧਰਤੀ ਦਾ ਖਸਮ ਆਖਦਾ ਹੈ ਉਹ ਸੁਖਾਂ ਦੁੱਖਾਂ ਤੋਂ ਵੱਖਰਾ ਰਹਿੰਦਾ ਹੈ, ਉਹ ਸਦਾ (ਮਾਇਆ ਤੋਂ) ਨਿਰਲੇਪ ਰਹਿੰਦਾ ਹੈ। ਉਹ ਤੇਰੇ ਅੰਦਰ ਭੀ ਇਕ-ਰਸ ਵੱਸ ਰਿਹਾ ਹੈ, ਜਿਵੇਂ ਸ਼ੀਸ਼ੇ (ਵਿਚ ਅਕਸ ਵੱਸਦਾ ਹੈ। ਉਸ ਦਾ ਸਦਾ ਸਿਮਰਨ ਕਰਨਾ ਚਾਹੀਦਾ ਹੈ) ।੩।੫।
https://m.facebook.com/dailyhukamnama/
Waheguru Ji Ka Khalsa
Waheguru Ji Ki Fateh Ji