Sandhia Vele Da Hukamnama Sri Darbar Sahib, Amritsar, Date 28 May – 2018 Ang 687


Sachkhand Sri Harmandir Sahib Sri Amritsar Sahib Ji Vekha Hoea Ajh Sandhya Wela Da Mukhwak: 28-May-2018


ਧਨਾਸਰੀ ਮਹਲਾ ੧ ਛੰਤ ੴ ਸਤਿਗੁਰ ਪ੍ਰਸਾਦਿ ॥ ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥ ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥ ਸਾਚਿ ਨ ਲਾਗੈ ਮੈਲੁ ਕਿਆ ਮਲੁ ਧੋਈਐ ॥ ਗੁਣਹਿ ਹਾਰੁ ਪਰੋਇ ਕਿਸ ਕਉ ਰੋਈਐ ॥ ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥ ਆਪਿ ਪਾਰਸੁ ਪਰਮ ਧਿਆਨੀ ਸਾਚੁ ਸਾਚੇ ਭਾਵਏ ॥ ਆਨੰਦੁ ਅਨਦਿਨੁ ਹਰਖੁ ਸਾਚਾ ਦੂਖ ਕਿਲਵਿਖ ਪਰਹਰੇ ॥ ਸਚੁ ਨਾਮੁ ਪਾਇਆ ਗੁਰਿ ਦਿਖਾਇਆ ਮੈਲੁ ਨਾਹੀ ਸਚ ਮਨੇ ॥੨॥ ਸੰਗਤਿ ਮੀਤ ਮਿਲਾਪੁ ਪੂਰਾ ਨਾਵਣੋ ॥ ਗਾਵੈ ਗਾਵਣਹਾਰੁ ਸਬਦਿ ਸੁਹਾਵਣੋ ॥ ਸਾਲਾਹਿ ਸਾਚੇ ਮੰਨਿ ਸਤਿਗੁਰੁ ਪੁੰਨ ਦਾਨ ਦਇਆ ਮਤੇ ॥ ਪਿਰ ਸੰਗਿ ਭਾਵੈ ਸਹਜਿ ਨਾਵੈ ਬੇਣੀ ਤ ਸੰਗਮੁ ਸਤ ਸਤੇ ॥ ਆਰਾਧਿ ਏਕੰਕਾਰੁ ਸਾਚਾ ਨਿਤ ਦੇਇ ਚੜੈ ਸਵਾਇਆ ॥ ਗਤਿ ਸੰਗਿ ਮੀਤਾ ਸੰਤਸੰਗਤਿ ਕਰਿ ਨਦਰਿ ਮੇਲਿ ਮਿਲਾਇਆ ॥੩॥ ਕਹਣੁ ਕਹੈ ਸਭੁ ਕੋਇ ਕੇਵਡੁ ਆਖੀਐ ॥ ਹਉ ਮੂਰਖੁ ਨੀਚੁ ਅਜਾਣੁ ਸਮਝਾ ਸਾਖੀਐ ॥ ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ ॥ ਕੂਚੁ ਕਰਹਿ ਆਵਹਿ ਬਿਖੁ ਲਾਦੇ ਸਬਦਿ ਸਚੈ ਗੁਰੁ ਮੇਰਾ ॥ ਆਖਣਿ ਤੋਟਿ ਨ ਭਗਤਿ ਭੰਡਾਰੀ ਭਰਿਪੁਰਿ ਰਹਿਆ ਸੋਈ ॥ ਨਾਨਕ ਸਾਚੁ ਕਹੈ ਬੇਨੰਤੀ ਮਨੁ ਮਾਂਜੈ ਸਚੁ ਸੋਈ ॥੪॥੧॥ {ਪੰਨਾ 687-688}

 

 

ਪਦਅਰਥ: ਤੀਰਥਿ = ਤੀਰਥ ਉਤੇ। ਜਾਉ = ਮੈਂ ਜਾਂਦਾ ਹਾਂ। ਸਬਦ ਬੀਚਾਰੁ = ਸ਼ਬਦ ਦੀ ਵਿਚਾਰ। ਅੰਤਰਿ = ਅੰਦਰ, ਮਨ ਵਿਚ। ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਸਾਚਾ = ਸਦਾ-ਥਿਰ ਰਹਿਣ ਵਾਲਾ। ਦਸ ਪੁਰਬ = ਦਸ ਪਵਿਤ੍ਰ ਦਿਹਾੜੇ {ਮੱਸਿਆ, ਸੰਗ੍ਰਾਂਦ, ਪੂਰਨਮਾਸੀ, ਚਾਨਣਾ ਐਤਵਾਰ, ਸੂਰਜ ਗ੍ਰਹਣ, ਚੰਦ ਗ੍ਰਹਣ, ਦੋ ਅਸ਼ਟਮੀਆਂ, ਦੋ ਚੌਦੇਂ}। ਦਸਾਹਰਾ = ਦਸ ਪਾਪ ਹਰਨ ਵਾਲਾ ਦਿਨ, ਜੇਠ ਸੁਦੀ ਦਸਮੀ, ਗੰਗਾ ਦਾ ਜਨਮ ਦਿਨ। ਹਉ = ਮੈਂ। ਜਾਚਉ = ਮੰਗਦਾ ਹਾਂ। ਧਰਣੀਧਰਾ = {ਧਰਣੀ = ਧਰਤੀ। ਧਰ = ਆਸਰਾ} ਹੇ ਧਰਤੀ ਦੇ ਆਸਰੇ ਪ੍ਰਭੂ! ਸਾਚੁ = ਸਦਾ-ਥਿਰ ਰਹਿਣ ਵਾਲਾ। ਮਜਨਾ = ਇਸ਼ਨਾਨ।੧।

ਸਾਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜਿਆਂ) । ਕਿਆ ਧੋਈਐ = (ਤੀਰਥ ਆਦਿਕਾਂ ਤੇ ਜਾ ਕੇ) ਧੋਣ ਦੀ ਲੋੜ ਨਹੀਂ ਪੈਂਦੀ। ਗੁਣਹਿ ਹਾਰੁ = ਗੁਣਾਂ ਦਾ ਹਾਰ। ਪਰੋਇ = ਪ੍ਰੋ ਕੇ। ਕਿਸ ਕਉ ਰੋਈਐ = ਕਿਸੇ ਅੱਗੇ ਪੁਕਾਰ ਕਰਨ ਦੀ ਲੋੜ ਨਹੀਂ ਰਹਿੰਦੀ। ਵੀਚਾਰਿ = ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ। ਉਲਟਿ = ਮੁੜ। ਆਵਏ = ਆਵੈ, ਆਉਂਦਾ। ਪਾਰਸੁ = ਧਾਤਾਂ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਪਰਮ ਧਿਆਨੀ = ਬਹੁਤ ਉੱਚੀ ਸੁਰਤਿ ਦਾ ਮਾਲਕ। ਸਾਚੁ = ਸਦਾ-ਥਿਰ ਪ੍ਰਭੂ ਦਾ ਰੂਪ। ਭਾਵਏ = ਭਾਵੈ, ਪਸੰਦ ਆ ਜਾਂਦਾ ਹੈ। ਅਨਦਿਨੁ = ਹਰ ਰੋਜ਼। ਹਰਖੁ = ਖ਼ੁਸ਼ੀ। ਕਿਲਵਿਖ = ਪਾਪ। ਪਰਹਰੇ = ਦੂਰ ਕਰ ਲੈਂਦਾ ਹੈ। ਗੁਰਿ = ਗੁਰੂ ਨੇ। ਸਚ ਮਨੇ = ਸਦਾ-ਥਿਰ ਨਾਮ ਨੂੰ ਜਪਣ ਵਾਲੇ ਮਨ ਨੂੰ।੨।

ਮੀਤ ਮਿਲਾਪੁ = ਮਿੱਤ੍ਰ ਪ੍ਰਭੂ ਦਾ ਮਿਲਾਪ। ਨਾਵਣੋ = ਨਾਵਣੁ, ਇਸ਼ਨਾਨ। ਗਾਵਣਹਾਰੁ = ਗਾਵਣ = ਜੋਗ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ) । ਸੁਹਾਵਣੋ = ਸੋਹਣੇ ਜੀਵਨ ਵਾਲਾ। ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਮੰਨਿ = ਮੰਨ ਕੇ, ਸਰਧਾ ਰੱਖ ਕੇ। ਮਤੇ = ਮਤਿ। ਪਿਰ ਸੰਗਿ = ਪਤੀ ਪ੍ਰਭੂ ਦੀ ਸੰਗਤਿ ਵਿਚ। ਭਾਵੈ = (ਪ੍ਰਭੂ ਨੂੰ) ਪਿਆਰਾ ਲੱਗਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਬੇਣੀ ਸੰਗਮੁ = ਤ੍ਰਿਬੇਣੀ ਜੰਗਮ, ਤਿੰਨ ਨਦੀਆਂ (ਗੰਗਾ, ਜਮਨਾ, ਸਰਸ੍ਵਤੀ) ਦਾ ਮਿਲਾਪ = ਥਾਂ, ਪ੍ਰਯਾਗ (ਅਲਾਹਾਬਾਦ ਦੇ ਨਜ਼ਦੀਕ) । ਸਤ ਸਤੇ = ਸੁੱਚੇ ਤੋਂ ਸੁੱਚਾ। ਸਾਚਾ = ਸਦਾ-ਥਿਰ ਰਹਿਣ ਵਾਲਾ। ਦੇਇ = ਦੇਂਦਾ ਹੈ (ਜੋ ਪ੍ਰਭੂ) । ਚੜੈ ਸਵਾਇਆ = (ਉਸ ਦਾ ਦਿੱਤਾ) ਦਿਨੋ ਦਿਨ ਵਧਦਾ ਹੈ। ਕਰਿ = ਕਰ ਕੇ। ਮੇਲਿ = ਸੰਗਤਿ ਵਿਚ।੩।

ਕਹਣੁ = ਕਥਨ। ਕਹਣੁ ਕਹੈ– ਕਥਨ ਕਥੈ। ਸਭੁ ਕੋਇ = ਹਰੇਕ ਜੀਵ। ਕੇਵਡੁ = ਕਿਤਨਾ ਵੱਡਾ। ਕੇਵਡੁ ਆਖੀਐ = ਕਿਤਨਾ ਵੱਡਾ ਆਖਿਆ ਜਾ ਸਕਦਾ ਹੈ, ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕੇਡਾ ਵੱਡਾ ਹੈ। ਹਉ = ਮੈਂ। ਸਮਝਾ = ਮੈਂ ਸਮਝ ਸਕਦਾ ਹਾਂ। ਸਾਖੀਐ = ਗੁਰੂ ਦੇ ਉਪਦੇਸ਼ ਨਾਲ। ਸਾਖੀ = ਸਿੱਖਿਆ, ਉਪਦੇਸ਼, ਸ਼ਬਦ। ਅੰਮ੍ਰਿਤ ਸਾਖੀ = ਆਤਮਕ ਜੀਵਨ ਦੇਣ ਵਾਲਾ ਉਪਦੇਸ਼। ਗੁਰ ਕੀ ਭਾਖੀ ਸਾਖੀ = ਗੁਰੂ ਦਾ ਉਚਾਰਿਆ ਹੋਇਆ ਸ਼ਬਦ। ਸਚੁ ਸਾਖੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ। ਤਿਤੁ = ਉਸ ਸ਼ਬਦ ਵਿਚ। ਬਿਖੁ = (ਮਾਇਆ = ਮੋਹ ਦਾ) ਜ਼ਹਰ। ਸਬਦਿ ਸਚੈ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ। ਆਖਣਿ = ਆਖਣ ਨਾਲ, ਬਿਆਨ ਕਰਨ ਨਾਲ। ਤੋਟਿ = ਖ਼ਾਤਮਾ। ਭੰਡਾਰੀ = ਭੰਡਾਰੀਂ, ਭੰਡਾਰਿਆਂ ਵਿਚ। ਭਰਿਪੁਰਿ ਰਹਿਆ = ਹਰ ਥਾਂ ਮੌਜੂਦ ਹੈ। ਸੋਈ = ਉਹ (ਪ੍ਰਭੂ) ਹੀ। ਸਾਚੁ ਕਹੈ– ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ। ਕਹੈ ਬੇਨੰਤੀ = ਅਰਦਾਸਾਂ ਕਰਦਾ ਹੈ। ਮਾਂਜੈ = ਸਾਫ਼ ਕਰਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਸਚੁ ਸੋਈ = ਸਦਾ-ਥਿਰ ਪ੍ਰਭੂ ਹੀ (ਹਰ ਥਾਂ ਦਿੱਸਦਾ ਹੈ) ।੪।

ਅਰਥ: ਮੈਂ (ਭੀ) ਤੀਰਥ ਉਤੇ ਇਸ਼ਨਾਨ ਕਰਨ ਜਾਂਦਾ ਹਾਂ (ਪਰ ਮੇਰੇ ਵਾਸਤੇ ਪਰਮਾਤਮਾ ਦਾ) ਨਾਮ (ਹੀ) ਤੀਰਥ ਹੈ। ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਟਿਕਾਣਾ (ਮੇਰੇ ਵਾਸਤੇ) ਤੀਰਥ ਹੈ (ਕਿਉਂਕਿ ਇਸ ਦੀ ਬਰਕਤਿ ਨਾਲ) ਮੇਰੇ ਅੰਦਰ ਪਰਮਾਤਮਾ ਨਾਲ ਡੂੰਘੀ ਸਾਂਝ ਬਣਦੀ ਹੈ। ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਵਾਸਤੇ ਗੰਗਾ ਦਾ ਜਨਮ-ਦਿਨ ਹੈ। ਮੈਂ ਤਾਂ ਸਦਾ ਪ੍ਰਭੂ ਦਾ ਨਾਮ ਹੀ ਮੰਗਦਾ ਹਾਂ ਤੇ (ਅਰਦਾਸ ਕਰਦਾ ਹਾਂ-) ਹੇ ਧਰਤੀ ਦੇ ਆਸਰੇ ਪ੍ਰਭੂ! ਮੈਨੂੰ ਆਪਣਾ ਨਾਮ) ਦੇਹ। ਜਗਤ (ਵਿਕਾਰਾਂ ਵਿਚ) ਰੋਗੀ ਹੋਇਆ ਪਿਆ ਹੈ, ਪਰਮਾਤਮਾ ਦਾ ਨਾਮ (ਇਹਨਾਂ ਰੋਗਾਂ ਦਾ) ਇਲਾਜ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ (ਮਨ ਨੂੰ ਵਿਕਾਰਾਂ ਦੀ) ਮੈਲ ਲੱਗ ਜਾਂਦੀ ਹੈ। ਗੁਰੂ ਦਾ ਪਵਿਤ੍ਰ ਸ਼ਬਦ (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦੇਂਦਾ ਹੈ, ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ।੧।

ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਮਨ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, (ਫਿਰ ਤੀਰਥ ਆਦਿਕਾਂ ਤੇ ਜਾ ਕੇ) ਕੋਈ ਮੈਲ ਧੋਣ ਦੀ ਲੋੜ ਹੀ ਨਹੀਂ ਪੈਂਦੀ। ਪਰਮਾਤਮਾ ਦੇ ਗੁਣਾਂ ਦਾ ਹਾਰ (ਹਿਰਦੇ ਵਿਚ) ਪ੍ਰੋ ਕੇ ਕਿਸੇ ਅੱਗੇ ਪੁਕਾਰ ਕਰਨ ਦੀ ਭੀ ਲੋੜ ਨਹੀਂ ਪੈਂਦੀ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ (ਆਪਣੇ ਮਨ ਨੂੰ ਵਿਕਾਰਾਂ ਵਲੋਂ) ਮਾਰ ਲੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, (ਹੋਰਨਾਂ ਨੂੰ ਭੀ) ਪਾਰ ਲੰਘਾ ਲੈਂਦਾ ਹੈ, ਉਹ ਮੁੜ ਜੂਨਾਂ (ਦੇ ਚੱਕਰ) ਵਿਚ ਨਹੀਂ ਆਉਂਦਾ। ਉਹ ਮਨੁੱਖ ਆਪ ਪਾਰਸ ਬਣ ਜਾਂਦਾ ਹੈ, ਬੜੀ ਹੀ ਉੱਚੀ ਸੁਰਤਿ ਦਾ ਮਾਲਕ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਬਣ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਉਸ ਦੇ ਅੰਦਰ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲੀ ਖ਼ੁਸ਼ੀ ਪੈਦਾ ਹੋ ਜਾਂਦੀ ਹੈ, ਉਹ ਮਨੁੱਖ ਆਪਣੇ (ਸਾਰੇ) ਦੁੱਖ ਪਾਪ ਦੂਰ ਕਰ ਲੈਂਦਾ ਹੈ। ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ-ਨਾਮ ਪ੍ਰਾਪਤ ਕਰ ਲਿਆ, ਜਿਸ ਨੂੰ ਗੁਰੂ ਨੇ (ਪ੍ਰਭੂ) ਵਿਖਾ ਦਿੱਤਾ, ਉਸ ਦੇ ਸਦਾ-ਥਿਰ ਨਾਮ ਜਪਦੇ ਮਨ ਨੂੰ ਕਦੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ।੨। ਸਾਧ ਸੰਗਤਿ ਵਿਚ ਮਿੱਤਰ-ਪ੍ਰਭੂ ਦਾ ਮਿਲਾਪ ਹੋ ਜਾਣਾ-ਇਹੀ ਉਹ ਤੀਰਥ-ਇਸ਼ਨਾਨ ਹੈ ਜਿਸ ਵਿਚ ਕੋਈ ਉਕਾਈ ਨਹੀਂ ਰਹਿ ਜਾਂਦੀ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗਾਵਣ-ਜੋਗ ਪ੍ਰਭੂ (ਦੇ ਗੁਣ) ਗਾਂਦਾ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਸਤਿਗੁਰੂ ਨੂੰ (ਜੀਵਨ-ਦਾਤਾ) ਮੰਨ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਮਨੁੱਖ ਦੀ ਮਤਿ ਦੂਜਿਆਂ ਦੀ ਸੇਵਾ ਕਰਨ ਵਾਲੀ ਸਭ ਤੇ ਦਇਆ ਕਰਨ ਵਾਲੀ ਬਣ ਜਾਂਦੀ ਹੈ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਪਤੀ-ਪ੍ਰਭੂ ਦੀ ਸੰਗਤਿ ਵਿਚ ਰਹਿ ਕੇ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਕ ਅਡੋਲਤਾ ਵਿਚ (ਮਾਨੋ, ਆਤਮਕ) ਇਸ਼ਨਾਨ ਕਰਦਾ ਹੈ; ਇਹੀ ਉਸ ਦੇ ਵਾਸਤੇ ਸੁੱਚੇ ਤੋਂ ਸੁੱਚਾ ਤ੍ਰਿਬੇਣੀ ਸੰਗਮ (ਦਾ ਇਸ਼ਨਾਨ) ਹੈ। (ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਇੱਕ ਅਕਾਲ ਪੁਰਖ ਨੂੰ ਸਿਮਰ, ਜੋ ਸਦਾ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ ਤੇ (ਜਿਸ ਦੀਆਂ ਦਿੱਤੀਆਂ ਦਾਤਾਂ ਦਿਨੋ ਦਿਨ) ਵਧਦੀਆਂ ਹਨ। ਮਿੱਤਰ-ਪ੍ਰਭੂ ਦੀ ਸੰਗਤਿ ਵਿਚ, ਗੁਰੂ ਸੰਤ ਦੀ ਸੰਗਤਿ ਵਿਚ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਪ੍ਰਭੂ ਮੇਹਰ ਦੀ ਨਜ਼ਰ ਕਰ ਕੇ ਆਪਣੀ ਸੰਗਤਿ ਵਿਚ ਮਿਲਾ ਲੈਂਦਾ ਹੈ।੩। ਹਰੇਕ ਜੀਵ (ਪਰਮਾਤਮਾ ਬਾਰੇ) ਕਥਨ ਕਰਦਾ ਹੈ (ਤੇ ਆਖਦਾ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ, ਪਰ) ਕੋਈ ਨਹੀਂ ਦੱਸ ਸਕਦਾ ਕਿ ਉਹ ਕੇਡਾ ਵੱਡਾ ਹੈ। (ਮੈਂ ਇਤਨੇ ਜੋਗਾ ਨਹੀਂ ਕਿ ਪਰਮਾਤਮਾ ਦਾ ਸਰੂਪ ਬਿਆਨ ਕਰ ਸਕਾਂ) ਮੈਂ (ਤਾਂ) ਮੂਰਖ ਹਾਂ, ਨੀਵੇਂ ਸੁਭਾਵ ਦਾ ਹਾਂ, ਅੰਞਾਣ ਹਾਂ, ਮੈਂ ਤਾਂ ਗੁਰੂ ਦੇ ਉਪਦੇਸ਼ ਨਾਲ ਹੀ (ਕੁਝ) ਸਮਝ ਸਕਦਾ ਹਾਂ (ਭਾਵ, ਮੈਂ ਤਾਂ ਉਤਨਾ ਕੁਝ ਹੀ ਮਸਾਂ ਸਮਝ ਸਕਦਾ ਹਾਂ ਜਿਤਨਾ ਗੁਰੂ ਆਪਣੇ ਸ਼ਬਦ ਦੀ ਰਾਹੀਂ ਸਮਝਾਏ) । ਮੇਰਾ ਮਨ ਤਾਂ ਉਸ ਗੁਰ-ਸ਼ਬਦ ਵਿਚ ਹੀ ਪਤੀਜ ਗਿਆ ਹੈ ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਜੋ ਆਤਮਕ ਜੀਵਨ ਦੇਣ ਵਾਲਾ ਹੈ। ਜੇਹੜੇ ਜੀਵ (ਮਾਇਆ-ਮੋਹ ਦੇ) ਜ਼ਹਰ ਨਾਲ ਲੱਦੇ ਹੋਏ ਜਗਤ ਵਿਚ ਆਉਂਦੇ ਹਨ (ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਤੇ ਤੀਰਥ-ਇਸ਼ਨਾਨ ਆਦਿਕ ਦੀ ਟੇਕ ਰੱਖ ਕੇ, ਉਸੇ ਜ਼ਹਰ ਨਾਲ ਲੱਦੇ ਹੋਏ ਹੀ ਜਗਤ ਤੋਂ) ਕੂਚ ਕਰ ਜਾਂਦੇ ਹਨ, ਪਰ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜਦੇ ਹਨ, ਉਹਨਾਂ ਨੂੰ ਮੇਰਾ ਗੁਰੂ ਉਸ ਜ਼ਹਰ ਦੇ ਭਾਰ ਤੋਂ ਬਚਾ ਲੈਂਦਾ ਹੈ। (ਪਰਮਾਤਮਾ ਦੇ ਗੁਣ ਬੇਅੰਤ ਹਨ, ਗੁਣ) ਬਿਆਨ ਕਰਨ ਨਾਲ ਮੁੱਕਦੇ ਨਹੀਂ, (ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ, ਜੀਵਾਂ ਨੂੰ ਭਗਤੀ ਦੀ ਦਾਤਿ ਵੰਡਿਆਂ) ਭਗਤੀ ਦੇ ਖ਼ਜ਼ਾਨਿਆਂ ਵਿਚ ਕੋਈ ਕਮੀ ਨਹੀਂ ਹੁੰਦੀ, (ਪਰ ਭਗਤੀ ਕਰਨ ਨਾਲ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਨਾਲ ਮਨੁੱਖ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਪਰਮਾਤਮਾ ਹੀ ਹਰ ਥਾਂ ਵਿਆਪਕ ਹੈ। ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ, ਜੋ ਪ੍ਰਭੂ-ਦਰ ਤੇ ਅਰਦਾਸਾਂ ਕਰਦਾ ਹੈ (ਤੇ ਇਸ ਤਰ੍ਹਾਂ) ਆਪਣੇ ਮਨ ਨੂੰ ਵਿਕਾਰਾਂ ਦੀ ਮੈਲ ਤੋਂ ਸਾਫ਼ ਕਰ ਲੈਂਦਾ ਹੈ ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ (ਤੀਰਥ-ਇਸ਼ਨਾਨਾਂ ਨਾਲ ਇਹ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ) ।੪।੧।

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ

Written by jugrajsidhu in 28 May 2018
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.