Sachkhand Sri Harmandir Sahib Amritsar Vekhe Hoea Sandhya Wela Da Mukhwak: 05-02-19
ਸੋਰਠਿ ਮਹਲਾ ੯ ॥ ਮਨ ਰੇ ਗਹਿਓ ਨ ਗੁਰ ਉਪਦੇਸੁ ॥ ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥ ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥ ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥੧॥ ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥ ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥੨॥ ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥ ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥੩॥੧੦॥
ਪਦਅਰਥ: ਗਹਿਓ = ਫੜਿਆ, ਗ੍ਰਹਿਣ ਕੀਤਾ। ਕਹਾ ਭਇਓ = ਕੀਹ ਹੋਇਆ? ਮੂਡੁ = ਸਿਰ। ਭੇਸੁ = ਭੇਖ।੧।ਰਹਾਉ।ਸਾਚ = ਸਦਾ-ਥਿਰ ਹਰਿ = ਨਾਮ। ਝੂਠਹ = ਨਾਸਵੰਤ (ਪਦਾਰਥਾਂ) ਵਿਚ। ਅਕਾਰਥੁ = ਵਿਅਰਥ। ਪਰਪੰਚ = ਪਖੰਡ, ਛਲ। ਉਦਰ ਨਿਜ = ਆਪਣਾ ਪੇਟ। ਪੋਖਿਓ = ਪਾਲਿਆ। ਪਸੁ ਕੀ ਨਿਆਈ = ਪਸ਼ੂਆਂ ਵਾਂਗ।੧। ਗਤਿ = ਜੁਗਤਿ। ਹਾਥਿ = ਹੱਥ ਵਿਚ। ਉਰਝਿ ਰਹਿਓ = ਮਗਨ ਰਿਹਾ। ਬਿਖਿਅਨ ਸੰਗਿ = ਮਾਇਕ ਪਦਾਰਥਾਂ ਨਾਲ।੨। ਅਚੇਤੁ = ਗ਼ਾਫ਼ਿਲ, ਅਵੇਸਲਾ। ਅਉਧ = ਉਮਰ। ਸਿਰਾਨੀ = ਗੁਜ਼ਾਰ ਦਿੱਤੀ। ਹਰਿ = ਹੇ ਹਰੀ! ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਪਰਾਨੀ = ਜੀਵ।੩।
ਅਰਥ: ਹੇ ਮਨ! ਤੂੰ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦਾ। (ਹੇ ਭਾਈ! ਗੁਰੂ ਦਾ ਉਪਦੇਸ਼ ਭੁਲਾ ਕੇ) ਜੇ ਸਿਰ ਭੀ ਮੁਨਾ ਲਿਆ, ਤੇ, ਭਗਵੇ ਰੰਗ ਦੇ ਕੱਪੜੇ ਪਾ ਲਏ, ਤਾਂ ਭੀ ਕੀਹ ਬਣਿਆ? (ਆਤਮਕ ਜੀਵਨ ਦਾ ਕੁਝ ਭੀ ਨਾਹ ਸੌਰਿਆ) ।੧।ਰਹਾਉ। (ਹੇ ਭਾਈ! ਭਗਵਾ ਭੇਖ ਤਾਂ ਧਾਰ ਲਿਆ, ਪਰ) ਸਦਾ-ਥਿਰ ਪ੍ਰਭੂ ਦਾ ਨਾਮ ਛੱਡ ਕੇ ਨਾਸਵੰਤ ਪਦਾਰਥਾਂ ਵਿਚ ਹੀ ਸੁਰਤਿ ਜੋੜੀ ਰੱਖੀ, (ਲੋਕਾਂ ਨਾਲ) ਛਲ ਕਰ ਕੇ ਆਪਣਾ ਪੇਟ ਪਾਲਦਾ ਰਿਹਾ, ਤੇ, ਪਸ਼ੂਆਂ ਵਾਂਗ ਸੁੱਤਾ ਰਿਹਾ।੧। ਹੇ ਭਾਈ! ਗ਼ਾਫ਼ਿਲ ਮਨੁੱਖ) ਪਰਮਾਤਮਾ ਦੇ ਭਜਨ ਦੀ ਜੁਗਤਿ ਨਹੀਂ ਸਮਝਦਾ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ। ਕਮਲਾ ਮਨੁੱਖ ਮਾਇਕ ਪਦਾਰਥਾਂ (ਦੇ ਮੋਹ) ਵਿਚ ਮਗਨ ਰਹਿੰਦਾ ਹੈ, ਤੇ, ਪ੍ਰਭੂ ਦੇ (ਸ੍ਰੇਸ਼ਟ) ਰਤਨ-ਨਾਮ ਨੂੰ ਭੁਲਾਈ ਰੱਖਦਾ ਹੈ।੨। (ਮਨੁੱਖ ਮਾਇਆ ਵਿਚ ਫਸ ਕੇ) ਅਵੇਸਲਾ ਹੋਇਆ ਰਹਿੰਦਾ ਹੈ, ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਸਾਰੀ ਉਮਰ ਵਿਅਰਥ ਗੁਜ਼ਾਰ ਲੈਂਦਾ ਹੈ। ਹੇ ਨਾਨਕ! ਆਖ-ਹੇ ਹਰੀ! ਤੂੰ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖ। ਇਹ ਜੀਵ ਤਾਂ ਸਦਾ ਭੁੱਲੇ ਹੀ ਰਹਿੰਦੇ ਹਨ।੩।੧੦।
https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ