Sachkhand Sri Harmandir Sahib Amritsar Vikhe Hoea Sandhya Wela Da Mukhwak: 18-December-2019
ਸੋਰਠਿ ਮਹਲਾ ੫ ॥ ਕਰਨ ਕਰਾਵਨ ਹਰਿ ਅੰਤਰਜਾਮੀ ਜਨ ਅਪੁਨੇ ਕੀ ਰਾਖੈ ॥ ਜੈ ਜੈ ਕਾਰੁ ਹੋਤੁ ਜਗ ਭੀਤਰਿ ਸਬਦੁ ਗੁਰੂ ਰਸੁ ਚਾਖੈ ॥੧॥ ਪ੍ਰਭ ਜੀ ਤੇਰੀ ਓਟ ਗੁਸਾਈ ॥ ਤੂ ਸਮਰਥੁ ਸਰਨਿ ਕਾ ਦਾਤਾ ਆਠ ਪਹਰ ਤੁਮ੍ਹ੍ਹ ਧਿਆਈ ॥ ਰਹਾਉ ॥ ਜੋ ਜਨੁ ਭਜਨੁ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ॥ ਸਤਿਗੁਰ ਚਰਨ ਲਗੇ ਭਉ ਮਿਟਿਆ ਹਰਿ ਗੁਨ ਗਾਏ ਮਨ ਮਾਹੀ ॥੨॥ ਸੂਖ ਸਹਜ ਆਨੰਦ ਘਨੇਰੇ ਸਤਿਗੁਰ ਦੀਆ ਦਿਲਾਸਾ ॥ ਜਿਣਿ ਘਰਿ ਆਏ ਸੋਭਾ ਸੇਤੀ ਪੂਰਨ ਹੋਈ ਆਸਾ ॥੩॥ ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ ॥ ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ ॥੪॥੨੬॥੯੦॥
ਪਦਅਰਥ: ਕਰਨ ਕਰਾਵਨ = ਸਭ ਕੁਝ ਕਰ ਸਕਣ ਵਾਲਾ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਜੈ ਜੈ ਕਾਰੁ = ਸੋਭਾ। ਭੀਤਰਿ = {अभ्यंतर} ਅੰਦਰ, ਵਿਚ।੧। ਪ੍ਰਭ = ਹੇ ਪ੍ਰਭੂ! ਓਟ ਆਸਰਾ। ਗੁਸਾਈ = ਹੇ ਧਰਤੀ ਦੇ ਖਸਮ! ਸਰਨਿ = {शरन्य} ਆਸਰਾ। ਧਿਆਈ = ਧਿਆਈਂ, ਮੈਂ ਧਿਆਵਾਂ।ਰਹਾਉ। ਪ੍ਰਭ = ਹੇ ਪ੍ਰਭੂ! ਅੰਦੇਸਾ = ਚਿੰਤਾ = ਫ਼ਿਕਰ। ਮਾਹੀ = ਵਿਚ।੨। ਸਹਜ = ਆਤਮਕ ਅਡੋਲਤਾ। ਘਨੇਰੇ = ਬਹੁਤ। ਦਿਲਾਸਾ = ਹੌਸਲਾ। ਜਿਣਿ = ਜਿੱਤ ਕੇ {ਲਫ਼ਜ਼ ‘ਜਿਣਿ ਅਤੇ ‘ਜਿਨਿ’ ਦਾ ਫ਼ਰਕ ਚੇਤੇ ਰੱਖੋ}। ਸੇਤੀ = ਨਾਲ।੩। ਮਤਿ = ਅਕਲ, ਸਿੱਖਿਆ। ਪੂਰੀ = ਉਕਾਈ = ਹੀਣ। ਜਾ ਕੀ = ਜਿਸ (ਗੁਰੂ) ਦੀ। ਲਾਗਿ = ਲੱਗ ਕੇ। ਭਵ ਸਾਗਰੁ = ਸੰਸਾਰ = ਸਮੁੰਦਰ। ਜਪਿ = ਜਪ ਕੇ।੪।
ਅਰਥ: ਹੇ (ਮੇਰੇ) ਪ੍ਰਭੂ ਜੀ! ਹੇ ਧਰਤੀ ਦੇ ਖਸਮ! ਮੈਨੂੰ) ਤੇਰਾ (ਹੀ) ਆਸਰਾ ਹੈ। ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ (ਸਭ ਜੀਵਾਂ ਨੂੰ) ਸਹਾਰਾ ਦੇਣ ਵਾਲਾ ਹੈਂ, (ਮੇਰੇ ਉਤੇ ਮੇਹਰ ਕਰ) ਮੈਂ ਅੱਠੇ ਪਹਿਰ ਤੈਨੂੰ ਯਾਦ ਕਰਦਾ ਰਹਾਂ।ਰਹਾਉ। ਹੇ ਭਾਈ! ਸਭ ਕੁਝ ਕਰ ਸਕਣ ਵਾਲਾ ਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਆਪਣੇ ਸੇਵਕ ਦੀ (ਸਦਾ ਲਾਜ) ਰੱਖਦਾ ਹੈ। ਜੇਹੜਾ ਸੇਵਕ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਦੇ ਨਾਮ ਦਾ) ਸੁਆਦ ਚੱਖਦਾ ਹੈ ਉਸ ਦੀ ਸੋਭਾ (ਸਾਰੇ) ਸੰਸਾਰ ਵਿਚ ਹੁੰਦੀ ਹੈ।੧। ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਭਗਤੀ ਕਰਦਾ ਹੈ, ਉਸ ਨੂੰ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ, (ਜਿਸ ਦੇ ਮੱਥੇ ਨੂੰ) ਗੁਰੂ ਦੇ ਚਰਨ ਛੁੰਹਦੇ ਹਨ, ਉਸ ਦਾ ਹਰੇਕ ਡਰ ਮਿਟ ਜਾਂਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਪਰਮਤਾਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।੨। ਹੇ ਸਤਿਗੁਰੂ! ਜਿਸ ਮਨੁੱਖ ਨੂੰ ਤੂੰ (ਵਿਕਾਰਾਂ ਦਾ ਟਾਕਰਾ ਕਰਨ ਲਈ) ਹੌਸਲਾ ਦਿੱਤਾ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਬਹੁਤ ਸੁਖ ਆਨੰਦ ਪੈਦਾ ਹੋ ਜਾਂਦੇ ਹਨ। ਉਹ ਮਨੁੱਖ (ਜੀਵਨ-ਖੇਡ) ਜਿੱਤ ਕੇ (ਜਗਤ ਵਿਚੋਂ) ਸੋਭਾ ਖੱਟ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ।੩। ਹੇ ਨਾਨਕ! ਆਖ-) ਜੇਹੜਾ ਗੁਰੂ ਕੋਈ ਉਕਾਈ ਖਾਣ ਵਾਲਾ ਨਹੀਂ, ਜਿਸ ਗੁਰੂ ਦੀ ਸਿੱਖਿਆ ਵਿਚ ਉਕਾਈ ਨਹੀਂ, ਜੇਹੜਾ ਗੁਰੂ ਪੂਰਨ ਪ੍ਰਭੂ (ਦਾ ਨਾਮ ਸਿਮਰਨ ਦੇ) ਆਹਰਾਂ ਵਿਚ ਲਾਂਦਾ ਹੈ, ਉਸ ਗੁਰੂ ਦੀ ਚਰਨੀਂ ਲੱਗ ਕੇ, ਤੇ, ਪਰਮਾਤਮਾ ਦਾ ਨਾਮ ਸਦਾ ਜਪ ਕੇ (ਮੈਂ) ਸੰਸਾਰ-ਸਮੁੰਦਰ ਤੋਂ (ਸਹੀ ਸਲਾਮਤਿ) ਪਾਰ ਲੰਘ ਰਿਹਾ ਹਾਂ।੪।੨੬।੯੦।
https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ