Sandhya wele da mukhwalk shrii Harmandar sahib amritsar sahib ji, Ang-670-671 , 04-Nov-2018
ਧਨਾਸਰੀ ਮਹਲਾ ੫ ॥ ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥ ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥੧॥ ਅਬ ਮਨ ਏਕਸ ਸਿਉ ਮੋਹੁ ਕੀਨਾ ॥ ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ ॥ ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ ॥ ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥੨॥ ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ ॥ ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥੩॥ ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ ॥ ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥{ਪੰਨਾ 670-671}
ਪਦਅਰਥ: ਤਜੇ ਹੈ– ਤਿਆਗ ਦੇਂਦੀ ਹੈ। ਮੀਨਾ = ਮੱਛੀ। ਜਿਨਿ = ਜਿਸ ਨੇ, ਕਿਉਂਕਿ ਉਸ (ਮੱਕੀ) ਨੇ। ਸਿਉ = ਨਾਲ। ਹੇਤੁ = ਪਿਆਰ। ਕਮਲ ਹੇਤਿ = ਕੌਲ = ਫੁੱਲ ਦੇ ਪਿਆਰ ਵਿਚ। ਉਨਿ = ਉਸ (ਭੌਰੇ) ਨੇ। ਮਾਰਗੁ = ਰਸਤਾ। ਨਿਕਸਿ = (ਫੁੱਲ ਵਿਚੋਂ) ਨਿਕਲ ਕੇ।੧। ਮਨ = ਹੇ ਮਨ! ਅਬ = ਹੁਣ, ਇਸ ਮਨੁੱਖਾ ਜਨਮ ਵਿਚ। ਮੋਹੁ = ਪ੍ਰੇਮ। ਸਦ ਹੀ = ਸਦਾ ਹੀ। ਸਬਦੀ = ਸ਼ਬਦ ਦੀ ਰਾਹੀਂ। ਚੀਨਾ = ਪਛਾਣ ਲਿਆ।੧।ਰਹਾਉ। ਕਾਮਿ ਹੇਤਿ = ਕਾਮ = ਵਾਸ਼ਨਾ ਦੀ ਖ਼ਾਤਰ। ਕੁੰਚਰੁ = ਹਾਥੀ। ਫਾਂਕਿਓ = ਫੜਿਆ ਗਿਆ। ਓਹੁ = ਉਹ ਹਾਥੀ। ਵਸਿ = ਵੱਸ ਵਿਚ। ਨਾਦ ਹੇਤਿ = (ਘੰਡੇਹੇੜੇ ਦੀ) ਆਵਾਜ਼ ਦੇ ਮੋਹ ਵਿਚ। ਕੁਰੰਕਾ = ਹਰਨ। ਬਿਦਾਰਾ = ਮਾਰਿਆ ਗਿਆ।੨। ਦੇਖਿ = ਦੇਖ ਕੇ। ਕੁਟੰਬੁ = ਪਰਵਾਰ। ਲੋਭਿ = ਲੋਭ ਵਿਚ। ਲਪਟਾਨਾ = ਚੰਬੜਿਆ ਰਿਹਾ। ਅਤਿ ਰਚਿਓ = (ਮਾਇਆ ਵਿਚ) ਬਹੁਤ ਮਗਨ ਹੋ ਗਿਆ। ਉਨਿ = ਉਸ (ਮਨੁੱਖ) ਨੇ। ਸਰਾਪਰ = ਜ਼ਰੂਰ।੩। ਸੰਗਿ = ਨਾਲ। ਨੇਹਾ = ਪਿਆਰ। ਦੁਹੇਲਾ = ਦੁੱਖੀ। ਗੁਰਿ = ਗੁਰੂ ਨੇ। ਸਦ = ਸਦਾ। ਕੇਲਾ = ਆਨੰਦ।੪।
ਅਰਥ: ਹੇ ਮਨ! ਜਿਸ ਮਨੁੱਖ ਨੇ ਹੁਣ (ਇਸ ਜਨਮ ਵਿਚ) ਇੱਕ ਪਰਮਾਤਮਾ ਨਾਲ ਪਿਆਰ ਪਾ ਲਿਆ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਸਦਾ ਹੀ ਪਰਮਾਤਮਾ ਦੇ ਚਰਨਾਂ ਵਿਚ ਮਗਨ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਨਾਲ ਸਾਂਝ ਬਣਾਈ ਰੱਖਦਾ ਹੈ।੧।ਰਹਾਉ। ਹੇ ਭਾਈ! ਮੱਛੀ ਪਾਣੀ ਤੋਂ ਵਿਛੁੜ ਕੇ ਜਿੰਦ ਦੇ ਦੇਂਦੀ ਹੈ ਕਿਉਂਕਿ ਉਸ (ਮੱਛੀ) ਨੇ ਪਾਣੀ ਨਾਲ ਪਿਆਰ ਵਧਾਇਆ ਹੋਇਆ ਹੈ। ਕੌਲ-ਫੁੱਲ ਦੇ ਪਿਆਰ ਵਿਚ ਭੌਰੇ ਨੇ ਮੌਤ ਸਹੇੜ ਲਈ, (ਕਿਉਂਕਿ) ਉਸ ਨੇ (ਕੌਲ-ਫੁੱਲ ਵਿਚੋਂ) ਨਿਕਲ ਕੇ (ਬਾਹਰ ਦਾ) ਰਸਤਾ ਨਾਹ ਲੱਭਾ।੧। ਹੇ ਭਾਈ! ਕਾਮ-ਵਾਸਨਾ ਦੀ ਖ਼ਾਤਰ ਹਾਥੀ ਫਸ ਗਿਆ, ਉਹ ਵਿਚਾਰਾ ਪਰ-ਅਧੀਨ ਹੋ ਗਿਆ। (ਘੰਡੇਹੇੜੇ ਦੀ) ਆਵਾਜ਼ ਦੇ ਪਿਆਰ ਵਿਚ ਹਰਨ ਆਪਣਾ ਸਿਰ ਦੇ ਬੈਠਦਾ ਹੈ, ਉਸੇ ਦੇ ਪਿਆਰ ਵਿਚ ਮਾਰਿਆ ਜਾਂਦਾ ਹੈ।੨। (ਹੇ ਭਾਈ! ਇਸੇ ਤਰ੍ਹਾਂ) ਮਨੁੱਖ (ਆਪਣਾ) ਪਰਵਾਰ ਵੇਖ ਕੇ (ਮਾਇਆ ਦੇ) ਲੋਭ ਵਿਚ ਫਸ ਜਾਂਦਾ ਹੈ, ਮਾਇਆ ਨਾਲ ਚੰਬੜਿਆ ਰਹਿੰਦਾ ਹੈ, (ਮਾਇਆ ਦੇ ਮੋਹ ਵਿਚ) ਬਹੁਤ ਮਗਨ ਰਹਿੰਦਾ ਹੈ, (ਮਾਇਆ ਨੂੰ) ਆਪਣੀ ਬਣਾ ਲੈਂਦਾ ਹੈ (ਇਹ ਨਹੀਂ ਸਮਝਦਾ ਕਿ ਆਖ਼ਰ) ਉਸ ਨੇ ਜ਼ਰੂਰ (ਸਭ ਕੁਝ) ਛੱਡ ਕੇ ਇਥੋਂ ਚਲੇ ਜਾਣਾ ਹੈ।੩। ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਨਾਲ ਪਿਆਰ ਪਾਂਦਾ ਹੈ, ਯਕੀਨ ਜਾਣੋ, ਉਹ ਸਦਾ ਦੁਖੀ ਰਹਿੰਦਾ ਹੈ। ਹੇ ਨਾਨਕ! ਆਖ-ਗੁਰੂ ਨੇ (ਮੈਨੂੰ) ਇਹ ਹੀ ਸਮਝ ਦਿੱਤੀ ਹੈ ਕਿ ਪਰਮਾਤਮਾ ਨਾਲ ਪਿਆਰ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।੪।੨।
ਗੁਰੂ ਰੂਪ ਸੰਗਤ ਜੀਓ !! Hukamnama Sahib #Android App ਡਾੳੂਨਲੋਡ ਕਰਨ ਲੲੀ ਹੇਠਾਂ ਦਿੱਤੇ ਲਿੰਕ ੳੁਪਰ ਕਲਿੱਕ ਕਰੋ ਜੀ!
https://bitly.com/dailyhukamnama
https://www.facebook.com/dailyhukamnama/
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ