Sachkhand Sri Harmandir Sahib Amritsar Vikha Hoea Sandhya Wela Da Mukhwak: 12-09-19
ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥ ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥ ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥ ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨॥ ਚੰਦੀ ਹਜਾਰ ਆਲਮ ਏਕਲ ਖਾਨਾਂ ॥ ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥ ਅਸਪਤਿ ਗਜਪਤਿ ਨਰਹ ਨਰਿੰਦ ॥ ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥੪॥੨॥੩॥ {ਪੰਨਾ 727}
ਅਰਥ: ਹੇ ਸੱਜਣ! ਹੇ ਪਿਆਰੇ! ਤੇਰੀ ਸੋਇ ਠੰਢ ਪਾਣ ਵਾਲੀ ਹੈ (ਭਾਵ, ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ) ; ਮੈਂ ਤੈਥੋਂ ਸਦਾ ਸਦਕੇ ਹਾਂ, ਕੁਰਬਾਨ ਹਾਂ। (ਹੇ ਮਿੱਤਰ!) ਤੇਰਾ ਨਾਮ (ਮੈਨੂੰ) ਸਭ ਤੋਂ ਵਧੀਕ ਪਿਆਰਾ (ਲੱਗਦਾ) ਹੈ, (ਇਸ ਨਾਮ ਦੀ ਬਰਕਤ ਨਾਲ ਹੀ, ਦੁਨੀਆ ਦੀ ਕਿਰਤ ਵਾਲੀ) ਤੇਰੀ ਦਿੱਤੀ ਹੋਈ ਵਿਗਾਰ ਭੀ (ਮੈਨੂੰ) ਮਿੱਠੀ ਲੱਗਦੀ ਹੈ।੧।ਰਹਾਉ। (ਹੇ ਸੱਜਣ!) ਨਾਹ ਤੂੰ ਕਿਤੋਂ ਆਇਆ, ਨਾਹ ਤੂੰ ਕਿਤੇ ਕਦੇ ਗਿਆ ਅਤੇ ਨਾਹ ਤੂੰ ਜਾ ਰਿਹਾ ਹੈਂ (ਭਾਵ, ਤੂੰ ਸਦਾ ਅਟੱਲ ਹੈਂ) ਦੁਆਰਕਾ ਨਗਰੀ ਵਿਚ ਰਾਸ ਭੀ ਤੂੰ ਆਪ ਹੀ ਪਾਂਦਾ ਹੈਂ (ਭਾਵ, ਕਿਸ਼ਨ ਭੀ ਤੂੰ ਆਪ ਹੀ ਹੈਂ) ।੧। ਹੇ ਯਾਰ! ਸੋਹਣੀ ਤੇਰੀ ਪੱਗ ਹੈ (ਭਾਵ, ਸੋਹਣਾ ਤੇਰਾ ਸਰੂਪ ਹੈ) ਤੇ ਪਿਆਰੇ ਤੇਰੇ ਬਚਨ ਹਨ, ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿਚ ਹੈਂ (ਭਾਵ, ਤੂੰ ਹਰ ਥਾਂ ਹੈਂ) ।੨। (ਸ੍ਰਿਸ਼ਟੀ ਦੇ) ਕਈ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ (ਆਪ ਹੀ) ਮਾਲਕ ਹੈਂ। ਹੇ ਪਾਤਸ਼ਾਹ! ਇਹੋ ਜਿਹਾ ਹੀ ਸਾਉਲੇ ਰੰਗ ਵਾਲਾ ਕ੍ਰਿਸ਼ਨ ਹੈ (ਭਾਵ, ਕ੍ਰਿਸ਼ਨ ਭੀ ਤੂੰ ਆਪ ਹੀ ਹੈਂ) ।੩। ਹੇ ਨਾਮਦੇਵ ਦੇ ਖਸਮ ਪ੍ਰਭੂ! ਤੂੰ ਆਪ ਹੀ ਮੀਰ ਹੈਂ ਤੂੰ ਆਪ ਹੀ ਕ੍ਰਿਸ਼ਨ ਹੈਂ, ਤੂੰ ਆਪ ਹੀ ਸੂਰਜ-ਦੇਵਤਾ ਹੈਂ, ਤੂੰ ਆਪ ਹੀ ਇੰਦ੍ਰ ਹੈਂ, ਤੇ ਤੂੰ ਆਪ ਹੀ ਬ੍ਰਹਮਾ ਹੈਂ।੪।੨।੩।
https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ